ਸਰਕਾਰ ਘਾਟੀ ‘ਚ ਡਰ ਦਾ ਮਾਹੌਲ ਪੈਦਾ ਕਰ ਰਹੀ : ਕਾਂਗਰਸ

ਨਵੀਂ ਦਿੱਲੀ , ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ ਨੇ ਜੰਮੂ-ਕਸ਼ਮੀਰ ਦੇ ਮੌਜੂਦਾ ਹਾਲਾਤ ‘ਤੇ ਕਿਹਾ ਕਿ ਕਸ਼ਮੀਰ ‘ਚ ਜੋ ਹੋ ਰਿਹਾ ਹੈ, ਉਹ ਸਾਡੇ ਸਾਰਿਆਂ ਲਈ ਚਿੰਤਾਜਨਕ ਹੈ। ਇਸ ਸਮੇਂ ਘਾਟੀ ‘ਚ ਵਾਧੂ ਸੁਰੱਖਿਆ ਬਲ ਤਾਇਨਾਤ ਕਰਨਾ ਚਿੰਤਾਜਨਕ ਹੈ। ਆਜ਼ਾਦ ਨੇ ਸ਼ਨੀਵਾਰ ਨੂੰ ਮੀਡੀਆ ਨੂੰ ਕਿਹਾ, ‘ਕਸ਼ਮੀਰ ਅਤੇ ਲੱਦਾਖ ਦੇ ਲੋਕ ਗ੍ਰਹਿ ਮੰਤਰਾਲੇ ਦੀ ਐਡਵਾਈਜ਼ਰੀ ਤੋਂ ਬਾਅਦ ਕਾਫੀ ਡਰੇ ਹੋਏ ਹਨ। ਇਸ ਤਰ੍ਹਾਂ ਉਦੋਂ ਵੀ ਨਹੀਂ ਹੋਇਆ, ਜਦ ਘਾਟੀ ‘ਚ ਅੱਤਵਾਦ ਸਿਖਰ ‘ਤੇ ਸੀ।’

ਜੰਮੂ-ਕਸ਼ਮੀਰ ‘ਚ ਅਚਾਨਕ ਅਮਰਨਾਥ ਯਾਤਰਾ ਰੋਕੇ ਜਾਣ ਅਤੇ ਜਵਾਨਾਂ ਦੀ ਤਾਇਨਾਤੀ ਵਧਾਏ ਜਾਣ ਨੂੰ ਲੈ ਕੇ ਸੂਬੇ ‘ਚ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਕੇਂਦਰ ਦੇ ਐਕਸ਼ਨ ‘ਤੇ ਕਾਂਗਰਸ ਤੋਂ ਇਲਾਵਾ ਪੀ ਡੀ ਪੀ ਅਤੇ ਨੈਸ਼ਨਲ ਕਾਨਫਰੰਸ ਹੈਰਾਨ ਹੈ। ਇਸ ਨੂੰ ਲੈ ਕੇ ਸ਼ੁੱਕਰਵਾਰ ਨੂੰ ਮਹਿਬੂਬਾ ਮੁਫ਼ਤੀ ਰਾਜਪਾਲ ਨੂੰ ਮਿਲੇ ਤਾਂ ਸ਼ਨੀਵਾਰ ਨੂੰ ਉਮਰ ਅਬਦੁੱਲਾ ਨੇ ਸੱਤਿਆਪਾਲ ਮਲਿਕ ਨਾਲ ਮੁਲਾਕਾਤ ਕਰਕੇ ਸ਼ੰਕਾਵਾਂ ਦੂਰ ਕਰਨ ਦੀ ਕੋਸ਼ਿਸ਼ ਕੀਤੀ।
ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ ਨੇ ਇੱਕ ਪ੍ਰੱੈਸ ਕਾਨਫਰੰਸ ‘ਚ ਕਿਹਾ, ‘ਅਤੀਤ ‘ਚ ਇੱਥੋਂ ਤੱਕ ਕਿ ਮਨਮੋਹਨ ਸਿੰਘ, ਅਟਲ ਬਿਹਾਰੀ ਵਾਜਪਾਈ, ਨਰਸਿਮ੍ਹਾ ਰਾਓ ਦੇ ਕਾਰਜਕਾਲ ‘ਚ ਇਸ ਤਰ੍ਹਾਂ ਕਦੀ ਨਹੀਂ ਹੋਇਆ ਕਿ ਤੀਰਥ ਯਾਤਰੀਆਂ ਨੂੰ ਵਾਪਸ ਘਰ ਜਾਣ ਲਈ ਕਿਹਾ ਗਿਆ ਹੋਵੇ। ਪਹਿਲਾਂ ਇਸ ਤਰ੍ਹਾਂ ਦੀ ਸਥਿਤੀ ਕਦੀ ਨਹੀਂ ਆਈ। ਇਹ ਹੈਰਾਨੀਜਨਕ ਹੈ।’ ਆਜ਼ਾਦ ਨੇ ਕਿਹਾ ਕਿ ਸਰਕਾਰ ਜੋ ਕੁਝ ਕਸ਼ਮੀਰ ‘ਚ ਕਰ ਰਹੀ ਹੈ, ਉਸ ਨਾਲ ਹੋਰ ਸੂਬਿਆਂ ਦੀਆਂ ਚੋਣਾਂ ‘ਚ ਲਾਭ ਲੈਣਾ ਚਾਹੁੰਦੀ ਹੈ।
ਆਜ਼ਾਦ ਨੇ ਕਿਹਾ ਕਿ ਭਾਜਪਾ ਘਾਟੀ ‘ਚ ਨਫ਼ਰਤ ਫੈਲਾਉਣਾ ਚਾਹੁੰਦੀ ਹੈ। ਸੈਲਾਨੀਆ ਦਾ ਹਰ ਕਸ਼ਮੀਰੀ ਖੁੱਲ੍ਹੇ ਦਿਨ ਨਾਲ ਸਵਾਗਤ ਕਰਦਾ ਹੈ, ਪਰ ਸਰਕਾਰ ਲੋਕਾਂ ‘ਚ ਖੌਫ਼ ਪੈਦਾ ਕਰਨਾ ਚਾਹੁੰਦੀ ਹੈ ਅਤੇ ਘਾਟੀ ਦੇ ਸਥਾਨਕ ਲੋਕਾਂ ‘ਚ ਨਫ਼ਰਤ ਫੈਲਾ ਰਹੀ ਹੈ। ਆਜ਼ਾਦ ਨੇ ਕਿਹਾ ਕਿ ਜਿੱਥੋਂ ਤੱਕ ਸਨਾਈਪਰ ਅਤੇ ਹਥਿਆਰ ਬਰਾਮਦ ਹੋਣ ਦੀ ਗੱਲ ਹੈ ਤਾਂ ਜਦ ਮੈਂ ਉਥੇ ਦਾ ਮੁੱਖ ਮੰਤਰੀ ਸੀ, ਉਦੋਂ ਵੀ ਉਥੇ ਇਸ ਤਰ੍ਹਾਂ ਹੁੰਦਾ ਸੀ, ਪਰ ਅਸੀਂ ਅਮਰਨਾਥ ਯਾਤਰਾ ਕਦੀ ਨਹੀਂ ਰੋਕੀ।
ਉਹਨਾ ਕਿਹਾ ਕਿ ਧਾਰਾ 35-ਏ ਨੂੰ ਖ਼ਤਮ ਕਰਨਾ ਰਾਜਨੀਤਿਕ ਤੋਂ ਪ੍ਰੇਰਿਤ ਹੈ। ਪੂਰਬ-ਉਤਰ ‘ਚ 8 ਸੂਬੇ ਹਨ, ਜਿੱਥੇ ਤੁਸੀਂ ਜ਼ਮੀਨ ਨਹੀਂ ਖਰੀਦ ਸਕਦੇ। ਹਿਮਾਚਲ ਅਤੇ ਉਤਰਾਖੰਡ ਵੀ ਉਦਾਹਰਣ ਹੈ। ਇਸ ਤਰ੍ਹਾਂ ਦੇ ਸੂਬਿਆਂ ਲਈ ਕੋਈ ਪ੍ਰਬੰਧ ਕਿਉਂ ਨਹੀਂ, ਕਿਉਂਕਿ ਇਸ ਤਰ੍ਹਾਂ ਕਰਨ ਨਾਲ ਉਥੇ ਵੋਟ ਨਹੀਂ ਮਿਲਣਗੇ। ਕਸ਼ਮੀਰ ‘ਚ 35-ਏ ਹਟਾਉਣ ਨਾਲ ਭਾਜਪਾ ਨੂੰ ਵੋਟ ਮਿਲਣਗੇ।

No Comments Yet.

Leave a comment

Social Media Auto Publish Powered By : XYZScripts.com