ਸ੍ਰੀਨਗਰ ਤੋਂ ਦਿੱਲੀ ਉਡਾਣਾਂ ਦਾ ਕਿਰਾਇਆ ਅਸਮਾਨ ‘ਤੇ, ਸੈਲਾਨੀ ਪ੍ਰੇਸ਼ਾਨ

ਸ੍ਰੀਨਗਰ : ਅਮਰਨਾਥ ਯਾਤਰੀਆਂ ਅਤੇ ਸੈਲਾਨੀਆਂ ਲਈ ਛੇਤੀ ਤੋਂ ਛੇਤੀ ਕਸ਼ਮੀਰ ਛੱਡਣ ਦੀ ਸਰਕਾਰੀ ਸਲਾਹ ਤੋਂ ਬਾਅਦ ਸ੍ਰੀਨਗਰ ਤੋਂ ਉਡਣ ਵਾਲੀਆਂ ਫਲਾਈਟਾਂ ਦਾ ਕਿਰਾਇਆ ਅਸਮਾਨ ‘ਤੇ ਪਹੁੰਚ ਗਿਆ ਹੈ। ਸ੍ਰੀਨਗਰ ਤੋਂ ਜੰਮੂ, ਦਿੱਲੀ ਜਾਂ ਦੂਜੇ ਸਥਾਨਾਂ ਲਈ ਸ਼ਨੀਵਾਰ ਅਤੇ ਐਤਵਾਰ ਦੀਆਂ ਸਾਰੀਆਂ ਫਲਾਈਟਾਂ ਦੀਆਂ ਟਿਕਟਾਂ ਬੁੱਕ ਹੋ ਚੁੱਕੀਆਂ ਹਨ ਅਤੇ ਕੁਝ ਸੀਟਾਂ ਬਚੀਆਂ ਹਨ ਤਾਂ ਉਨ੍ਹਾਂ ਲਈ ਯਾਤਰੀਆਂ ਨੂੰ ਵੱਡੀ ਕੀਮਤ ਦੇਣੀ ਪੈ ਰਹੀ ਹੈ।

ਐਤਵਾਰ ਨੂੰ ਸ੍ਰੀਨਗਰ ਤੋਂ ਦਿੱਲੀ ਰੂਟ ਦੀ ਫਲਾਈਟ ‘ਚ ਸ਼ੁਰੂਆਤੀ ਕਿਰਾਇਆ 15,500 ਰੁਪਏ ਹੈ ਤੇ ਡਾਇਰੈਕਟਰ ਅਤੇ ਵਨ ਸਟਾਪ ਫਲਾਈਟ ਲਈ ਇੱਕ ਯਾਤਰੀ 21,000 ਰੁਪਏ ਤੱਕ ਦੇਣੇ ਪੈ ਰਹੇ ਹਨ। ਸ੍ਰੀਨਗਰ ਤੋਂ ਮੁੰਬਈ ਲਈ ਐਤਵਾਰ ਨੂੰ ਘੱਟੋ-ਘੱਟ ਕਿਰਾਇਆ 16,700 ਰੁਪਏ ਹੈ ਅਤੇ ਕੁਝ ਉਡਾਨਾਂ ‘ਚ ਇਹ 25,000 ਰੁਪਏ ਤੱਕ ਹੈ। ਏਅਰ ਇੰਡੀਆ, ਇੰਡੀਗੋ ਅਤੇ ਵਿਸਤਾਰਾ ਏਅਰਲਾਈਨਜ਼ ਨੇ ਜੰਮੂ ਦੀਆਂ ਉਡਾਨਾਂ ਲਈ ਕੈਂਸੀਲੇਸ਼ਨ ਅਤੇ ਰਿਸਡਿਊਲਿੰਗ ‘ਤੇ ਚਾਰਜ ਹਟਾ ਲਿਆ ਹੈ। ਉਧਰ ਜੰਮੂ ਕਸ਼ਮੀਰ ਦੇ ਰਾਜਪਾਲ ਮਲਿਕ ਨੇ ਕਿਹਾ ਕਿ ਘਬਰਾਉਣ ਦੀ ਜ਼ਰੂਰਤ ਨਹੀਂ, ਸ਼ਾਂਤੀ ਬਣਾਈ ਰੱਖੋ।
ਇੱਕ ਸਥਾਨਕ ਨਾਗਰਿਕ ਨੇ ਦੱਸਿਆ, ਲੋਕ ਦਹਿਸ਼ਤ ‘ਚ ਹਨ। ਰਾਜਪਾਲ ਕਹਿ ਰਹੇ ਕਿ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਪਰ ਹਾਲਾਤ ਬਹੁਤ ਖਰਾਬ ਹੋ ਗਏ ਹਨ। ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਸਥਿਤੀ ‘ਤੇ ਜਾਰੀ ਦੁਵਿਧਾ ਨੂੰ ਖ਼ਤਮ ਕਰਨ ਅਤੇ ਸਭ ਕੁਝ ਸਪੱਸ਼ਟ ਕਰੇ।’ ਮੁੰਬਈ ਦੇ ਰਹਿਣ ਵਾਲੇ ਆਸ਼ੂਤੋਸ਼ ਜੋ ਕਸ਼ਮੀਰ ‘ਚ ਸਨ ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਰ ਜਗ੍ਹਾ ਬਸ ਭੀੜ ਹੀ ਭੀੜ ਹੈ। ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਕੀਤਾ ਜਾਵੇ।
ਜੰਮੂ-ਕਸ਼ਮੀਰ ‘ਚ ਅੱਤਵਾਦੀ ਹਮਲੇ ਦੇ ਖਦਸ਼ੇ ਨੂੰ ਦੇਖਦੇ ਹੋਏ ਪ੍ਰਸ਼ਾਸ਼ਨ ਵੱਲੋਂ ਅਮਰਨਾਥ ਯਾਤਰੀਆਂ ਨੂੰ ਘਾਟੀ ਛੱਡਣ ਲਈ ਕਿਹਾ ਗਿਆ ਹੈ। ਬਦਲੇ ਹਾਲਾਤ ‘ਤੇ ਚਰਚਾ ਲਈ ਸਾਰੇ ਦਲਾਂ ਨੇ ਕਸ਼ਮੀਰ ‘ਚ ਐਮਰਜੈਂਸੀ ਮੀਟਿੰਗ ਬੁਲਾਈ। ਉਥੇ ਹੀ ਦੂਜੇ ਪਾਸੇ ਕਸ਼ਮੀਰ ‘ਚ ਵੱਡੀ ਹਲਚਲ ਨੂੰ ਦੇਖਦੇ ਹੋਏ ਸਥਾਨਕ ਲੋਕਾਂ ‘ਚ ਅਫ਼ਰਾ-ਤਫ਼ਰੀ ਪੈਦਾ ਹੋਈ ਹੈ। ਵਿਦੇਸ਼ੀ ਸੈਲਾਨੀਆਂ ਨੂੰ ਵੀ ਜਗ੍ਹਾ ਛੱਡਣ ਦੀ ਸਲਾਹ ਦਿੱਤੀ ਗਈ ਹੈ, ਜਿਸ ਤੋਂ ਬਾਅਦ ਸ੍ਰੀਨਗਰ ਏਅਰਪੋਰਟ ‘ਤੇ ਭਾਰੀ ਭੀੜ ਕਾਰਨ ਅਫ਼ਰਾ-ਤਫ਼ਰੀ ਮਚ ਗਈ। ਸੈਲਾਨੀਆਂ ਨੂੰ ਟਿਕਟ ਮਿਲਣ ‘ਚ ਵੀ ਪ੍ਰੇਸ਼ਾਨੀ ਆ ਰਹੀ ਹੈ।

No Comments Yet.

Leave a comment

Social Media Auto Publish Powered By : XYZScripts.com